ਰੋਗ ਰੋਧਕ ਤੰਤਰ ਉਹ ਸੁਰੱਖਿਆ ਹੈ ਜੋ ਸਾਨੂੰ ਕਿਸੇ ਬਿਮਾਰੀ ਜਾਂ ਜੀਵਾਣੂਆਂ ਤੋਂ ਮਿਲਦੀ ਹੈ। ਸਾਡੇ ਸਰੀਰ ਦੇ ਆਪਣੇ ਸੈੱਲ (ਕੋਸ਼ਾਣੂ) ਅਤੇ ਅਣੂ ਸਾਨੂੰ ਇਹ ਸੁਰੱਖਿਆ ਪ੍ਰਦਾਨ ਕਰਦੇ ਹਨ। ਇਹ ਸੈੱਲ ਅਤੇ ਅਣੂ ਸਾਡੇ ਸਰੀਰ ਵਿਚ ਦਾਖਲ ਹੋਣ ਵਾਲੇ ਕਿਸੇ ਵੀ ਬਾਹਰਲੇ ਜੀਵਾਣੂ ਜਾਂ ਪਦਾਰਥ ਦੇ ਵਿਰੁੱਧ ਲੜਨ ਲਈ ਕੰਮ ਕਰਦੇ ਹਨ। ਇਹ ਸੈੱਲ ਅਤੇ ਅਣੂ ਜਰਾਸੀਮਾਂ ਦੇ ਵਿਸ਼ੇਸ਼ ਅਣੂਆਂ ਨਾਲ ਜੁੜਦੇ ਹਨ ਅਤੇ ਉਨ੍ਹਾਂ ਨੂੰ ਬਿਮਾਰੀ ਫੈਲਾਉਣ ਤੋਂ ਰੋਕਦੇ ਹਨ। ਰੋਗ ਰੋਧਕ ਤੰਤਰ ਇਕ ਜਰਾਸੀਮ ਤੋਂ ਲੰਬੇ ਸਮੇਂ ਲਈ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ। ਪੌਦੇ ਅਤੇ ਜਾਨਵਰ ਦੋਵੇਂ ਕੁਝ ਜਰਾਸੀਮਾਂ ਵਿਰੁੱਧ ਲੜਨ ਲਈ ਕੁਝ ਹੱਦ ਤੱਕ ਸਮਰੱਥ ਹਨ।
ਕੀ ਸਾਡੇ ਕੋਲ ਵਿਸ਼ਾਣੂਆਂ ਦੇ ਪ੍ਰਤੀ ਰੋਗ ਰੋਧਕ ਤੰਤਰ ਹੈ?
ਜਦੋਂ ਕੋਈ ਵਿਸ਼ਾਣੂ ਕਿਸੇ ਮਨੁੱਖ ਨੂੰ ਸੰਕਰਮਿਤ ਕਰਦਾ ਹੈ, ਤਾਂ ਉਸ ਦੀ ਪ੍ਰਤੀਰੋਧੀ ਪ੍ਰਣਾਲੀ ਦੇ ਸੈੱਲ ਅਤੇ ਪ੍ਰੋਟੀਨ ਉਨ੍ਹਾਂ ਨਾਲ ਲੜਦੇ ਹਨ ਅਤੇ ਉਨ੍ਹਾਂ ਨੂੰ ਸਰੀਰ ਦੇ ਹੋਰ ਸੈੱਲਾਂ ਨੂੰ ਸੰਕਰਮਿਤ ਕਰਨ ਤੋਂ ਰੋਕਦੇ ਹਨ। ਮਨੁੱਖੀ ਸੈੱਲਾਂ ਦੇ ਕੁਝ ਅਣੂ ਵਿਸ਼ਾਣੂਆਂ ਦੀ ਪਰਤ ਉਤਲੇ ਵਿਸ਼ੇਸ਼ ਪ੍ਰੋਟੀਨ ਨਾਲ ਜੁੜਦੇ ਹਨ। ਪਰ ਵਿਸ਼ਾਣੂ ਅਕਸਰ ਸਾਡੇ ਇਨ੍ਹਾਂ ਸੈੱਲਾਂ ਦੀ ਕਿਰਿਆ ਤੋਂ ਬਚਣ ਦੇ ਤਰੀਕੇ ਲੱਭਦੇ ਹਨ।
ਟੀਕਿਆਂ ਦੀ ਜਰੂਰਤ ਕਿਉਂ ਹੈ?
ਕੁਝ ਮਾਮਲਿਆਂ ਵਿੱਚ, ਵਿਸ਼ਾਣੂਆਂ ਵਰਗੇ ਖਾਸ ਜਰਾਸੀਮਾਂ ਵਿਰੁੱਧ ਸਾਡੇ ਸਰੀਰ ਦੀ ਪ੍ਰਤੀਰੋਧ ਸ਼ਕਤੀ ਨੂੰ ਵਧਾਉਣ ਲਈ ਟੀਕੇ ਲਗਵਾਏ ਜਾਂਦੇ ਹਨ। ਬਿਮਾਰੀ ਪੈਦਾ ਕਰਨ ਵਾਲੇ ਵਿਸ਼ਾਣੂਆਂ ਨੂੰ ਇਸ ਕਦਰ ਤੱਕ ਕਮਜ਼ੋਰ ਕੀਤਾ ਜਾਂਦਾ ਹੈ ਕਿ ਇਹ ਹੁਣ ਬਿਮਾਰੀ ਪੈਦਾ ਕਰਨ ਦੇ ਅਸਮਰਥ ਹੋ ਜਾਣ ਅਤੇ ਇਨ੍ਹਾਂ ਕਮਜ਼ੋਰ ਤੇ ਨਾ-ਸਰਗਰਮ ਵਿਸ਼ਾਣੂਆਂ ਨੂੰ ਟੀਕੇ ਦੇ ਤੌਰ ਤੇ ਲਗਾਇਆ ਜਾਂਦਾ ਹੈ। ਮਾਰੇ ਹੋਏ ਵਿਸ਼ਾਣੂ ਦੇ ਕੁਝ ਹਿੱਸੇ ਵੀ ਟੀਕੇ ਲਗਾਉਣ ਲਈ ਵਰਤੇ ਜਾ ਸਕਦੇ ਹਨ। ਇਹ ਟੀਕੇ ਸਾਡੇ ਪ੍ਰਤੀਰੋਧੀ ਸੈੱਲਾਂ ਨੂੰ ਕਿਰਿਆ ਲਈ ਉਤਸ਼ਾਹਤ ਕਰਦੇ ਹਨ ਅਤੇ ਭਵਿੱਖ ਵਿੱਚ ਉਨ੍ਹਾਂ ਵਿਸ਼ਾਣੂਆਂ ਦੁਆਰਾ ਬਿਮਾਰੀ ਤੋਂ ਬਚਾਉਂਦੇ ਹਨ। ਟੀਕਾਕਰਣ ਉਸ ਖਾਸ ਵਿਸ਼ਾਣੂ ਦੁਆਰਾ ਹੋਣ ਵਾਲੀ ਬਿਮਾਰੀ ਪ੍ਰਤੀ ਪ੍ਰਤੀਰੋਧਤਾ ਨੂੰ ਯਕੀਨੀ ਬਣਾਉਂਦਾ ਹੈ ਨਾ ਕਿ ਸਾਰੇ ਵਿਸ਼ਾਣੂ ਰੋਗਾਂ ਲਈ। ਅਜਿਹੇ ਟੀਕਿਆਂ ਦੀਆਂ ਉਦਾਹਰਣਾਂ ਵਿੱਚ ਖਸਰਾ ਅਤੇ ਚਿਕਨਪੌਕਸ (ਮਾਤਾ) ਟੀਕਾ ਸ਼ਾਮਲ ਹੈ।
ਮਨੁੱਖੀ ਸਰੀਰ ਵਿਚ ਨਾਵਲ ਕੋਰੋਨਾਵਾਇਰਸ (ਐਨ-ਕੋਵਿਡ 19) ਦੀ ਲਾਗ ਤੋਂ ਬਚਣ ਦੇ ਲਈ ਕੋਈ ਰੋਗ ਪ੍ਰਤੀਰੋਧ ਨਹੀਂ ਹੈ ਅਤੇ ਅੱਜ ਤਕ ਇਸਦਾ ਕੋਈ ਵੀ ਟੀਕਾ ਨਹੀਂ ਬਣਿਆ ਹੈ। ਬਿਮਾਰੀ ਤੋਂ ਦੂਰ ਰਹਿਣ ਲਈ ਸਮਾਜਕ ਦੂਰੀਆਂ, ਹੱਥਾਂ ਦੀ ਸਫਾਈ ਅਤੇ ਹੋਰ ਰੋਕਥਾਮ ਉਪਾਵਾਂ ਦਾ ਅਭਿਆਸ ਕਰੋ।