ਕੋਵਿਡ-19 (COVID-19) ਮਹਾਂਮਾਰੀ ਦੇ ਦੌਰਾਨ, ਅਲਕੋਹਲ ਅਧਾਰਤ ਸੈਨੀਟਾਈਜ਼ਰ ਇੱਕ ਪ੍ਰਸਿੱਧ ਨਿੱਜੀ ਦੇਖਭਾਲ ਉਤਪਾਦ ਬਣ ਗਏ ਹਨ। ਰੋਗ ਕੰਟਰੋਲ ਕੇਂਦਰ ਮੰਨਦਾ ਹੈ ਕਿ ਜਦੋਂ ਸਾਬਣ ਅਤੇ ਪਾਣੀ ਉਪਲਬਧ ਨਹੀਂ ਹੁੰਦੇ, ਹੱਥ ਸਾਫ ਕਰਨ ਲਈ ਸੈਨੀਟਾਈਜ਼ਰ ਵਰਤਿਆ ਜਾ ਸਕਦਾ ਹੈ। ਇਹਨਾਂ ਵਿੱਚੋਂ ਬਹੁਤੇ ਅਲਕੋਹਲ ਅਧਾਰਤ ਸੈਨੀਟਾਈਜ਼ਰ ਵਿੱਚ ਆਈਸੋਪ੍ਰੋਪਾਈਲ ਅਲਕੋਹਲ ਜਾਂ ਈਥਾਈਲ ਅਲਕੋਹਲ ਹੁੰਦਾ ਹੈ।
ਅਲਕੋਹਲ ਜੀਵਾਣੂਆਂ ਅਤੇ ਵਿਸ਼ਾਣੂਆਂ ਦੇ ਬਾਹਰੀ ਢਾਂਚੇ ਦੀ ਬਣਤਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਤਰ੍ਹਾਂ, ਜੇ ਸਖ਼ਤ ਸਤਹ ਜਾਂ ਚਮੜੀ ਉੱਪਰ ਅਲਕੋਹਲ ਦਾ ਛਿੜਕਾਅ ਕੀਤਾ ਜਾਵੇ, ਤਾਂ ਇਨ੍ਹਾਂ’ ਤੇ ਮੌਜੂਦ ਜਰਾਸੀਮ ਵੱਡੀ ਗਿਣਤੀ ਵਿਚ ਮਾਰੇ ਜਾਣਗੇ। ਇਹੀ ਕਾਰਨ ਹੈ ਕਿ ਅਲਕੋਹਲ ਦੀ ਵਰਤੋਂ ਸਤਹ ਨੂੰ ਸਾਫ ਕਰਨ ਲਈ ਕੀਟਾਣੂਨਾਸ਼ਕ ਵਜੋਂ ਜਾਂ ਲਾਗ (ਇਨਫੈਕਸ਼ਨ) ਨੂੰ ਫੈਲਣ ਤੋਂ ਰੋਕਣ ਲਈ ਜ਼ਖ਼ਮਾਂ ਨੂੰ ਸਾਫ ਕਰਨ ਲਈ ਐਂਟੀਸੈਪਟਿਕ ਦੇ ਤੌਰ ਤੇ ਕੀਤੀ ਜਾਂਦੀ ਹੈ।
ਪਰ ਅਲਕੋਹਲ ਦੀਆਂ ਆਪਣੀਆਂ ਕਮੀਆਂ ਹਨ। ਇਹ ਬਾਹਰੀ ਢਾਂਚੇ ਤੋਂ ਬਿਨਾ ਰਹਿਣ ਵਾਲੇ ਜੀਵਾਣੂਆਂ ਅਤੇ ਵਿਸ਼ਾਣੂਆਂ ਨੂੰ ਨਸ਼ਟ ਕਰਨ ਵਿਚ ਕਾਰਗਰ ਨਹੀਂ ਹੈ। ਇਸਦੀ ਵਾਰ ਵਾਰ ਵਰਤੋਂ ਖੁਸ਼ਕੀ ਅਤੇ ਜਲਣ ਦਾ ਕਾਰਨ ਬਣ ਸਕਦੀ ਹੈ, ਅਤੇ ਜੇ ਇਹ ਗਲਤੀ ਨਾਲ ਅੱਖਾਂ ਵਿਚ ਦਾਖਲ ਹੋ ਜਾਵੇ ਤਾਂ ਖੁਜਲੀ ਹੋ ਸਕਦੀ ਹੈ।
ਬਹੁਤ ਸਾਰੇ ਅਲਕੋਹਲ ਅਧਾਰਤ ਸੈਨੀਟਾਈਜ਼ਰ ਦਾਅਵਾ ਕਰਦੇ ਹਨ ਕਿ ਇਹ ਪਦਾਰਥ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾ ਸਕਦੇ ਹਨ। ਰੋਗ ਪ੍ਰਤੀਰੋਧਕ ਤੰਤਰ ਉਹ ਸੁਰੱਖਿਆ ਹੈ ਜੋ ਸਾਡੇ ਸਰੀਰ ਦੀ ਰੋਗ ਰੋਧਕ ਵਿਵਸਥਾ ਦੁਆਰਾ ਬਾਹਰਲੇ ਜਰਾਸੀਮਾਂ ਦੁਆਰਾ ਲਾਗ ਦੇ ਵਿਰੁੱਧ ਕੀਤੀ ਜਾਂਦੀ ਹੈ। ਅਲਕੋਹਲ ਵਰਗੇ ਕੀਟਾਣੂਨਾਸ਼ਕ ਸਤਹ ਉੱਪਰ ਮੌਜੂਦ ਜ਼ਿਆਦਾਤਰ ਜਰਾਸੀਮਾਂ ਨੂੰ ਖਤਮ ਕਰਦੇ ਹਨ। ਇਹ ਸਾਡੇ ਸਰੀਰ ਵਿੱਚ ਜਰਾਸੀਮਾਂ ਦੇ ਦਾਖਲ ਹੋਣ ਦੀ ਸੰਭਾਵਨਾ ਨੂੰ ਘਟਾਉਂਦਾ ਹੈ। ਪਰ ਅਲਕੋਹਲ ਦੀ ਸਾਡੀ ਸਰੀਰ ਦੀ ਜਰਾਸੀਮਾਂ ਵਿਰੁੱਧ ਵਿਵਸਥਾ ਨੂੰ ਪ੍ਰਭਾਵਿਤ ਕਰਨ ਵਿਚ ਕੋਈ ਭੂਮਿਕਾ ਨਹੀਂ ਹੈ ਜੋ ਕਿ ਪਹਿਲਾਂ ਹੀ ਸਾਡੇ ਵਿਚ ਦਾਖਲ ਹੋ ਚੁੱਕੇ ਹਨ ਅਤੇ ਲਾਗ ਕਰ ਚੁੱਕੇ ਹਨ।