
ਅਧਿਕਾਰਤ ਤੌਰ ‘ਤੇ, ਭਾਰਤ ਵਿਚ ਹਰ ਰੋਜ਼ 4000 ਤੋਂ ਵੱਧ ਲੋਕ ਕੋਵਿਡ-19 ਦੀ ਲਾਗ ਅਤੇ ਬੁਨਿਆਦੀ ਸਿਹਤ ਸਹੂਲਤਾਂ ਦੀ ਅਣਹੋਂਦ ਨਾਲ ਮਰ ਰਹੇ ਹਨ। ਜੋ ਲੋਕ ਮ੍ਰਿਤਕਾਂ ਦੇ ਦਫ਼ਨਾਉਣ ਜਾਂ ਅੰਤਮ ਸੰਸਕਾਰ ਵਿਚ ਸ਼ਾਮਲ ਹਨ, ਉਨ੍ਹਾਂ ਨੂੰ ਉਚਿਤ ਨਿੱਜੀ ਸੁਰੱਖਿਆ ਉਪਕਰਣ (ਪੀਪੀਈ) ਪਹਿਨਣ ਦੀ ਹਦਾਇਤ ਕੀਤੀ ਗਈ ਹੈ। ਪੀਪੀਈ ਵਿੱਚ ਦਸਤਾਨੇ, ਡਾਕਟਰੀ ਮਾਸਕ, ਅੱਖਾਂ ਨੂੰ ਬਚਾਉਣ ਲਈ ਚਸ਼ਮੇ, ਚਿਹਰੇ ਦੀ ਢਾਲ ਅਤੇ ਬੰਦ ਜੁੱਤੀਆਂ ਸ਼ਾਮਲ ਹੋਣੇ ਚਾਹੀਦੇ ਹਨ। ਹੈਜ਼ਾ ਵਰਗੀਆਂ ਬਿਮਾਰੀਆਂ ਦੇ ਮੁਕਾਬਲੇ, ਮਨੁੱਖੀ ਸਰੀਰਾਂ ਦੇ ਨਿਯਤ ਪ੍ਰਬੰਧਨ ਕਾਰਨ ਕੋਵਿਡ-19 ਦੇ ਸੰਚਾਰਿਤ ਹੋਣ ਦੀ ਸੰਭਾਵਨਾ ਘੱਟ ਹੈ। ਪਰ ਮਰੇ ਹੋਏ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਸੰਭਾਲਣ ਵਾਲਾ ਵਿਅਕਤੀ ਜੇ ਲਾਗ ਵਾਲੇ ਸਰੀਰ ਦੇ ਤਰਲ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਹ ਵਿਸ਼ਾਣੂਆਂ ਦੁਆਰਾ ਸੰਕਰਮਿਤ ਹੋ ਸਕਦਾ ਹੈ । ਕੋਵਿਡ ਨਾਲ ਮਰਨ ਵਾਲੇ ਲੋਕਾਂ ਦੇ ਫੇਫੜਿਆਂ ਅਤੇ ਹੋਰ ਅੰਗਾਂ ਵਿੱਚ ਵੀ ਜੀਵਿਤ ਅਤੇ ਛੂਤਕਾਰੀ ਵਿਸ਼ਾਣੂ ਹੋ ਸਕਦੇ ਹਨ। ਜਿਉਂ-ਜਿਉਂ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਸ਼ਮਸ਼ਾਨਘਾਟ ਅਤੇ ਦਫ਼ਨਾਉਣ ਵਾਲੇ ਮੈਦਾਨ ਵਿਚ ਕਾਮੇ ਲਗਾਤਾਰ ਕੰਮ ਕਰ ਰਹੇ ਹਨ। ਉਹਨਾਂ ਕੋਲ ਅਕਸਰ ਕੋਵਿਡ ਜਾਂਚ ਕਿੱਟਾਂ, ਸਹੀ ਸੁਰੱਖਿਆ ਉਪਕਰਣਾਂ, ਵਿੱਤੀ ਸਹਾਇਤਾ, ਭੋਜਨ ਅਤੇ ਮਾਨਸਿਕ ਸਿਹਤ ਦੇਖਭਾਲ ਤੱਕ ਪਹੁੰਚ ਨਹੀਂ ਹੁੰਦੀ। ਇਨ੍ਹਾਂ ਵਿੱਚੋਂ ਬਹੁਤ ਸਾਰੇ ਕਰਮਚਾਰੀ ਇਤਿਹਾਸਕ ਤੌਰ ਤੇ ਹਾਸ਼ੀਏ ਅਤੇ ਪੀੜਤ ਸਮਾਜ ਵਿੱਚੋਂ ਆਏ ਹਨ ਜੋ ਅਜੇ ਵੀ ਸੰਸਥਾਗਤ ਜਾਤੀ ਅਧਾਰਤ ਵਿਤਕਰੇ ਦਾ ਸਾਹਮਣਾ ਕਰਦੇ ਹਨ। ਸਮਾਂ ਆ ਗਿਆ ਹੈ ਕਿ ਅਸੀਂ ਇਸ ਸਿਹਤ ਸੰਕਟਕਾਲ ਦੌਰਾਨ ਉਨ੍ਹਾਂ ਦੀਆਂ ਭੂਮਿਕਾਵਾਂ ਨੂੰ ਫਰੰਟਲਾਈਨ ਕਰਮਚਾਰੀਆਂ ਵਜੋਂ ਪਛਾਣੀਏ ਅਤੇ ਉਨ੍ਹਾਂ ਦੀ ਦਸ਼ਾ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੀਏ।